Punjabi Patarkari Da Vikas
₹550.00
‘ਪੰਜਾਬੀ ਪੱਤਰਕਾਰੀ ਦਾ ਵਿਕਾਸ’ ਸਿਰਲੇਖ ਅਧੀਨ ਹਥਲਾ ਖੋਜ-ਪ੍ਰਬੰਧ ਭਾਰਤ ਵਿਚ ਪੱਤਰਕਾਰੀ ਦੇ ਆਰੰਭ ਅਤੇ ਵਿਕਾਸ ਦੀ ਪੈੜ ਨੱਪਦਿਆਂ ਵਿਸ਼ਵ ਪੱਧਰੀ ਪੱਤਰਕਾਰੀ ਵਿਚ ਇਸ ਦਾ ਸਥਾਨ ਨਿਰਧਾਰਤ ਕਰਨ ਦਾ ਇਕ ਬੜਾ ਅਹਿਮ ਹੰਭਲਾ ਹੈ। ਪੱਤਰਕਾਰੀ ਦੇ ਇਤਿਹਾਸਕ ਵਿਕਾਸ ਦਾ ਸਿੱਧਾ ਸਬੰਧ ਛਾਪੇਖਾਨੇ ਅਤੇ ਸੰਚਾਰ-ਸਾਧਨਾਂ ਨਾਲ ਹੋਣ ਕਰਕੇ ਛਾਪੇਖਾਨੇ ਦੇ ਜਨਮ ਅਤੇ ਲੋੜੀਂਦੇ ਸੰਚਾਰ-ਸਾਧਨਾਂ ਦੇ ਵਿਕਾਸ ਨੂੰ ਇਸ ਖੋਜ-ਪ੍ਰਬੰਧ ਦਾ ਵਿਸ਼ਾ ਬਣਾਉਂਦੇ ਹੋਏ ਲੇਖਕ ਨੇ ਪੱਤਰਕਾਰੀ, ਸਮਾਚਾਰ ਪੱਤਰ ਆਦਿ ਨੂੰ ਪ੍ਰੀਭਾਸ਼ਿਤ ਕਰਦੇ ਹੋਏ ਆਧੁਨਿਕ ਸਾਹਿਤਕ ਵਾਦ-ਵਿਵਾਦ, ਆਲੋਚਨਾ, ਨਵੇਂ ਸਾਹਿਤਕ ਰੂਪਾਂ ਆਦਿ ਲਈ ਪਾਏ ਪੱਤਰਕਾਰੀ ਦੇ ਯੋਗਦਾਨ ਦਾ ਗਹਿਰਾ ਮੁਲਾਂਕਣ ਕਰਦੇ ਹੋਏ ਇਹ ਸਿੱਟਾ ਕੱਢਿਆ ਹੈ ਕਿ ਪੱਤਰਕਲਾ ਦੀਆਂ ਵਧੀਆਂ ਹੋਈਆਂ ਸੰਭਾਵਨਾਵਾਂ ਦੇ ਰੂਪ ਵਿਚ ਆਧੁਨਿਕ ਸੰਚਾਰ ਸਾਧਨਾਂ ਨੇ ਸਾਡੇ ਜੀਵਨ ਢੰਗ ਅਤੇ ਦ੍ਰਿਸ਼ਟੀਕੋਣ ਆਦਿ ਸਭ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਸ਼ਾਇਦ ਆਧੁਨਿਕ ਜੀਵਨ ਦਾ ਕੋਈ ਵੀ ਅਜਿਹਾ ਪੱਖ ਨਹੀਂ ਜਿਹੜਾ ਪੱਤਰਕਲਾ ਤੋਂ ਪ੍ਰਭਾਵਿਤ ਹੋਣੋਂ ਬਚ ਸਕਿਆ ਹੋਵੇ।
ਹੱਥਲੀ ਪੁਸਤਕ ਵੱਖ-ਵੱਖ ਯੂਨੀਵਰਸਿਟੀਆਂ ਤੋਂ ਪੀ.ਐਚ.ਡੀ. ਦੀ ਡਿਗਰੀ ਲਈ ਪ੍ਰਵਾਣਤ ਖੋਜ-ਪ੍ਰਬੰਧ ਨੂੰ ਪ੍ਰਕਾਸ਼ਿਤ ਕਰਨ ਦੀ ਭਾਸ਼ਾ ਵਿਭਾਗ ਪੰਜਾਬ ਦੀ ਸਕੀਮ ਤਹਿਤ ਪਹਿਲਾਂ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਵਿਸ਼ਵ ਪੱਧਰੀ ਪੱਤਰਕਾਰੀ ਦੀ ਵਿਸ਼ਲੇਸ਼ਣਾਤਮਕ ਸਮੀਖਿਆ ਅਤੇ ਮੁਲਾਂਕਣ ਕਰਦਿਆਂ ਖੋਜਕਾਰ ਨੇ ਉਨ੍ਹਾਂ ਹਾਲਤਾਂ ਦਾ ਵਿਸਥਾਰ ਨਾਲ ਵਰਨਣ ਕੀਤਾ ਹੈ ਜਿਨ੍ਹਾਂ ਅਧੀਨ ਪੰਜਾਬੀ ਪੱਤਰਕਾਰੀ ਉਗਮੀ ਅਤੇ ਸਮੇਂ ਦੇ ਨਾਲ ਆਪਣੇ ਸਰੂਪ ਨੂੰ ਸੰਵਾਰਦੀ ਹੋਈ ਵਰਤਮਾਨ ਦੌਰ ਵਿਚ ਪੁੱਜੀ ਹੈ।
ਸਦਾ ਸਮੇਂ ਦੀ ਨਬਜ਼ ਨੂੰ ਪਛਾਣ ਕੇ ਤੁਰਨ ਦੀ ਖ਼ੂਬੀ ਪੱਤਰਕਲਾ ਦਾ ਇਕ ਅਟੁੱਟ ਅੰਗ ਮੰਨੀ ਜਾਂਦੀ ਹੈ ਇਸ ਕਰਕੇ ਖੋਜਕਾਰ ਨੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਲਹਿਰਾਂ ਦੇ ਸੰਦਰਭ ਵਿਚ ਪੰਜਾਬੀ ਪੱਤਰਕਾਰੀ ਉੱਤੇ ਪਏ ਇਤਿਹਾਸਕ ਪ੍ਰਭਾਵਾਂ ਨੂੰ ਵੀ ਅਣਗੌਲਿਆਂ ਨਹੀਂ ਹੋਣ ਦਿੱਤਾ। ਇਹੀ ਕਾਰਨ ਹੈ ਕਿ ਖੋਜਕਾਰ ਪੰਜਾਬੀ ਪੱਤਰਕਾਰੀ ਦਾ ਵਿਗਿਆਨਕ ਅਧਿਐਨ ਕਰਦਿਆਂ ਇਸ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਦੀ ਤਸਵੀਰ ਪੇਸ਼ ਕਰਨ ਵਿਚ ਪੂਰਨ ਤੌਰ ਤੇ ਸਫਲ ਰਿਹਾ ਹੈ।
ਪੁਸਤਕ ਦਾ ਨਵਾਂ ਐਡੀਸ਼ਨ ਪਾਠਕ-ਜਗਤ ਨੂੰ ਪੇਸ਼ ਕਰਦਿਆਂ ਅਸੀਂ ਅਸੀਮ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਵਿਦਵਾਨ ਪਾਠਕ ਅਤੇ ਖੋਜੀ ਇਸ ਦੀ ਚੋਖੀ ਕਮੀ ਮਹਿਸੂਸ ਕਰ ਰਹੇ ਸਨ।
Reviews
There are no reviews yet.