Bulleh Shah-Jeevan Ate Rachna
₹400.00
ਬੁੱਲੇ੍ਹ ਸ਼ਾਹ ਜੀਵਨ ਤੇ ਰਚਨਾ ਨਾਮੀ ਇਹ ਪੋਥੀ ਪੰਜਾਬੀ ਸਾਹਿਤ ਆਲੋਚਨਾ ਅਤੇ ਖੋਜ ਵਿਚ ਨਿੱਗਰ ਵਾਧਾ ਹੈ। ਸੂਫ਼ੀ ਕਲਾਮ ਦੇ ਖਾਲਸ ਪਾਠ ਦਾ ਮਸਲਾ ਅਜੇ ਵੀ ਸਾਡੇ ਲਈ ਚੁਣੌਤੀ ਬਣਿਆ ਹੋਇਆ ਹੈ। ਮੱਧਕਾਲੀ ਪੰਜਾਬ ਦੀ ਰਾਜਸੀ ਅਸਥਿਰਤਾ, ਅਸ਼ਾਂਤੀ, ਅੱਖਰ-ਗਿਆਨ ਦੀ ਘਾਟ ਅਤੇ ਹੋਰ ਕਈ ਇਤਿਹਾਸਕ ਕਾਰਨਾਂ ਕਰਕੇ ਸਾਡਾ ਢੇਰ ਸਾਰਾ ਸਾਹਿਤ ‘ਕਾਲ’ ਦਾ ਖਾਜਾ ਬਣ ਗਿਆ ਜਿਹੜਾ ਸਾਹਿਤ ਲੋਕ-ਸਿਮਰਤੀ ਦਾ ਅੰਗ ਬਣ ਕੇ ਸੀਨਾ-ਬ-ਸੀਨਾ ਸਾਡੇ ਤੱਕ ਪਹੁੰਚਿਆ ਵੀ ਉਸ ਵਿਚ ਬਹੁਤ ਰਲਾ ਹੈ। ਸਮਾਜਕ-ਰਾਜਸੀ ਅਫ਼ਰਾਤਰੀ ਅਤੇ ਆਪਣੀ ਦਾਰਸ਼ਨਿਕ ਅਤੇ ਸਭਿਆਚਾਰਕ ਪਰੰਪਰਾ ਪ੍ਰਤੀ ਆਤਮ-ਚਿੰਤਨ ਦੀ ਘਾਟ ਕਰਕੇ ਅਸੀਂ ਆਪਣੇ ਸਕਾਫ਼ਤੀ ਖਜ਼ਾਨੇ ਨੂੰ ਸਾਂਭਣ ਪ੍ਰਤੀ ਅਵੇਸਲੇ ਰਹੇ ਹਾਂ। ਸਾਹਿਤਕ ਵਿਰਸੇ ਦੀ ਖੋਜ, ਸਾਂਭ-ਸੰਭਾਲ, ਪ੍ਰਮਾਣਿਕ-ਪਾਠਾਂ ਦੀ ਤਲਾਸ਼ ਅਤੇ ਪੁਨਰ-ਮੁੱਲਾਂਕਣ ਦੇ ਸਾਡੇ ਯਤਨਾਂ ਦੀ ਉਮਰ ਲਗਭਗ ਇਕ ਸਦੀ ਬਣਦੀ ਹੈ। ਇਹਦੇ ਵਿਚੋਂ ਵੀ ਬਹੁਤਾ ਕੰਮ ਵਿਦੇਸ਼ੀ ਵਿਦਵਾਨਾਂ ਦੁਆਰਾ ਬਸਤੀਵਾਦੀ ਹਕੂਮਤ ਦੇ ਲੁਕਵੇਂ ਏਜੰਡੇ ਤਹਿਤ ਕੀਤਾ ਗਿਆ। ਓਪਰੇ ਸਭਿਆਚਾਰ ਅਤੇ ਅਲਪ ਭਾਸ਼ਾਈ-ਗਿਆਨ ਵਾਲੇ ਇਨ੍ਹਾਂ ਵਿਦਵਾਨਾਂ ਦੀਆਂ ਭਾਵੁਕ ਤੇ ਬੌਧਿਕ ਸੀਮਾਵਾਂ ਵੀ ਸਨ। ਸਾਡੇ ਆਪਣੇ ਵਿਦਵਾਨਾਂ, ਖੋਜੀਆਂ ਅਤੇ ਸਾਹਿਤ ਦੇ ਇਤਿਹਾਸਕਾਰਾਂ ਦੇ ਨਿੱਜੀ ਯਤਨ ਭਾਵੇਂ ਸ਼ਲਾਘਾਯੋਗ ਸਨ, ਪਰ ਸੰਸਥਾਗਤ ਪੱਧਰ ਉਤੇ ਸਾਹਿਤਕ ਅਤੇ ਸਭਿਆਚਾਰਕ ਵਿਰਸੇ ਦੀ ਸੰਭਾਲ ਅਤੇ ਪ੍ਰਮਾਣਿਕ-ਪਾਠਾਂ ਦੀ ਨਿਸ਼ਾਨਦੇਹੀ ਦਾ ਲਗਭਗ ਅਭਾਵ ਹੀ ਰਿਹਾ ਹੈ।
ਹਥਲੀ ਪੁਸਤਕ ਵਿਚ ਡਾ. ਜਗਤਾਰ ਨੇ ਬੁੱਲ੍ਹੇਸ਼ਾਹ ਦੇ ਜੀਵਨ, ਸੂਫ਼ੀ ਵਿਚਾਰਧਾਰਾ ਅਤੇ ਉਸਦੇ ਕਲਾਮ ਦੀ ਨਿਸ਼ਾਨਦੇਹੀ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਕੀਤੀ ਹੈ। ਬੁੱਲ੍ਹੇ ਸ਼ਾਹ ਦੇ ਜੀਵਨ, ਪਰਿਵਾਰਕ ਪਿਛੋਕੜ, ਤਾਲੀਮ ਅਤੇ ਮੁਰਸ਼ਿਦ ਸ਼ਾਹ ਇਨਾਇਤ ਨਾਲ ਸੰਬੰਧਾਂ ਬਾਰੇ ਪ੍ਰਚਲਿਤ ਦੰਦ-ਕਥਾਵਾਂ ਦਾ ਖੰਡਨ ਕਰਦਿਆਂ ਸੰਪਾਦਕ ਨੇ ਬੁੱਲ੍ਹੇ ਸ਼ਾਹ ਬਾਰੇ ਪ੍ਰਾਪਤ ਖੋਜ ਅਤੇ ਅਲੋਚਨਾ ਦਾ ਨਿੱਠ ਕੇ ਲੇਖਾ ਜੋਖਾ ਵੀ ਕੀਤਾ ਹੈ। ਬੁੱਲ੍ਹੇ ਸ਼ਾਹ ਦੀ ਸੂਫ਼ੀ ਵਿਚਾਰਧਾਰਾ ਅਤੇ ਉਸ ਦੇ ਕਲਾਮ ਉਪਰਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਵਾਲਾ ਭਾਗ ਇਸ ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਹੈ। ਡਾ. ਜਗਤਾਰ ਅਨੁਸਾਰ ਬੁੱਲ੍ਹੇ ਸ਼ਾਹ ਵਜੂਦੀ ਸੂਫ਼ੀ ਹੈ, ਜਿਸ ਦੇ ਚਿੰਤਨ ਉਪਰ ਅਫ਼ਲਾਤੂਨੀ, ਨਵ-ਅਫ਼ਲਾਤੂਨੀ, ਅਲਿਆਤੀ, ਬੋਧੀ, ਜੋਗ ਅਤੇ ਵੇਦਾਂਤ ਆਦਿ ਦੇ ਪ੍ਰਭਾਵ ਪ੍ਰਤੱਖ ਹਨ। ਵਾਧਾ ਇਹ ਹੈ ਕਿ ਬੁੱਲ੍ਹਾ ਵੱਖ ਵੱਖ ਚਿੰਤਨ-ਧਾਰਾਵਾਂ ਨਾਲ ਲਬਰੇਜ਼ ਸੂਫ਼ੀ ਵਿਚਾਰਧਾਰਾ ਨੂੰ ਖਾਲਸ ਪੰਜਾਬੀ ਮੁਹਾਵਰੇ ਅਤੇ ਲੋਕਧਾਰਾਈ ਲਹਿਜ਼ੇ ਵਿਚ ਪੇਸ਼ ਕਰਦਾ ਹੈ। ਬੁੱਲ੍ਹੇ ਸ਼ਾਹ ਦੇ ਕਲਾਮ ਦਾ ਖਾਲਸ ਜਾਂ ਪ੍ਰਮਾਣਿਕ-ਪਾਠ ਤਿਆਰ ਕਰਨ ਲਈ ਡਾ. ਜਗਤਾਰ ਨੇ ਪ੍ਰਾਪਤ ਵੱਖ ਵੱਖ ਮਤਨਾਂ ਦਾ ਤੁਲਨਾਤਮਿਕ ਅਧਿਐਨ-ਵਿਸ਼ਲੇਸ਼ਣ ਹੀ ਨਹੀਂ ਕੀਤਾ, ਸਗੋਂ ਵਿਦਵਾਨਾਂ ਵਲੋਂ ਵਰਤੀ ਗਈ ਬੇਧਿਆਨੀ ਵੱਲ ਵੀ ਸੰਕੇਤ ਕੀਤੇ ਹਨ। ਸੰਪਾਦਕ ਨੇ ਬੁੱਲੇ੍ਹੇ ਸ਼ਾਹ ਦੇ ਕਲਾਮ ਵਿਚ ਆਏ ਇਤਿਹਾਸਕ-ਮਿਥਿਹਾਸਕ ਹਵਾਲਿਆਂ, ਵਿਅਕਤੀਆਂ ਅਤੇ ਥਾਵਾਂ ਬਾਰੇ ਸੰਖੇਪ ਨੋਟ ਵੀ ਦਰਜ ਕੀਤੇ ਅਤੇ ਅਰਬੀ, ਫ਼ਾਰਸੀ ਅਤੇ ਉਰਦੂ ਦੀ ਸ਼ਬਦਾਵਲੀ ਦੇ ਅਰਥ ਵੀ ਸਪਸ਼ਟ ਕੀਤੇ ਹਨ। ਇਹ ਪੁਸਤਕ ਇਸ ਪੱਖੋਂ ਵੀ ਮੁੱਲਵਾਨ ਹੈ ਕਿ ਇਹ ਸੂਫ਼ੀ ਲਹਿਰ ਬਾਰੇ ਅਰਬੀ ਅਤੇ ਫ਼ਾਰਸੀ ਸਰੋਤਾਂ ਤਕ ਸਾਡੀ ਰਸਾਈ ਕਰਵਾਉਂਦੀ ਹੈ ਅਤੇ ਬੁੱਲ੍ਹੇ ਸ਼ਾਹ ਦੇ ਕਲਾਮ ਬਾਰੇ ਅਸਲੋਂ ਨਵੀਂ ਅੰਤਰ-ਦ੍ਰਿਸ਼ਟੀ ਪ੍ਰਦਾਨ ਕਰਦੀ ਹੈ।
– ਸੁਖਦੇਵ ਸਿੰਘ ਸਿਰਸਾ
Reviews
There are no reviews yet.