Mountbatten Te Bharat Di Vand
₹300.00
ਇਸ ਕਿਤਾਬ ਵਿੱਚ ਦੋਹਾਂ ਲੇਖਕਾਂ ਵੱਲੋਂ ਮਾਊਂਟਬੈਟਨ ਨਾਲ ਕੀਤੀਆਂ ਮੁਲਾਕਾਤਾਂ ਨੂੰ ਦਰਜ ਕੀਤਾ ਗਿਆ ਹੈ, ਜਿਨ੍ਹਾਂ ਰਾਹੀਂ ਕਈ ਭੇਦ-ਭਰੇ ਖ਼ੁਲਾਸੇ ਹੁੰਦੇ ਹਨ। ਸਿਰਫ਼ ਸਵਾਲ-ਜਵਾਬ ਪੜ੍ਹਕੇ ਹੀ ਨਹੀਂ ਸਗੋਂ ਉਹਨਾਂ ਸ਼ਬਦਾਂ-ਵਾਕਾਂ ਅੰਦਰਲੀ ਭਾਵਨਾ ਦੀ ਕਨਸੋਅ ਨਾਲ ਸਾਨੂੰ ਅੰਦਾਜ਼ੇ ਲਗਦੇ ਹਨ ਕਿ ਅਸਲ ’ਚ ਕੀ ਅਤੇ ਕਿਵੇਂ ਵਾਪਰਿਆ ਸੀ ਤੇ ਉਸਨੂੰ ਕਿਸ ਢੰਗ ਨਾਲ ਪੇਸ਼ ਕਰਨ ਦੇ ਯਤਨ ਕੀਤੇ ਗਏ ਤੇ ਕੀਤੇ ਜਾ ਰਹੇ ਹਨ। ਪ੍ਰਗਟਾਏ ਜਾ ਰਹੇ ਵਿਚਾਰਾਂ ਅਤੇ ਲਿਖਤੀ ਰਿਪੋਰਟਾਂ ਦੇ ਸ਼ਬਦਾਂ ਤੇ ਵਾਕਾਂ ਦੀਆਂ ਵਿਰਲਾਂ ਵਿਚ ਦੀ ਵਾਪਰਿਆ ਸੱਚ, ਪੇਸ਼ ਕੀਤੇ ਜਾਂਦੇ ਸੱਚ ਤੋਂ ਅਲੱਗ ਨਜ਼ਰ ਆਉਂਦਾ ਹੈ। ਮਾਊਂਟਬੈਟਨ ਦੀ ਸਖ਼ਸ਼ੀਅਤ ਤੇ ਉਸਦੀ ਤੇਜ਼-ਤਰਾਰੀ, ਚੁਸਤੀ, ਆਤਮ-ਵਡਿਆਈ, ਦੂਸਰਿਆਂ ਬਾਰੇ ਉਸਦਾ ਨਜ਼ਰੀਆ, ਜੋ ਸ਼ਾਹੀ ਖ਼ਾਨਦਾਨ ਨਾਲ ਸਬੰਧਤ ਹੋਣ ਕਰਕੇ, ਜ਼ਾਹਰਾ ਤੌਰ ’ਤੇ ਕਈ ਥਾਂਈ ‘ਵਿਸ਼ੇਸ਼’ ਬਣ ਕੇ ਸਾਹਮਣੇ ਆਉਂਦਾ ਹੈ।
ਇਸ ਕਿਤਾਬ ਵਿੱਚ ਉਹਨਾਂ ਸਮਿਆਂ ਦੇ ਬਹੁਤ ਸਾਰੇ ਗੁਪਤ ਦਸਤਾਵੇਜ਼ਾਂ ਦੀਆਂ ਕਾਪੀਆਂ ਹਨ ਜੋ ਮਾਊਂਟਬੈਟਨ ਦੇ ਨਿੱਜੀ ਰਿਕਾਰਡ ਦਾ ਹਿੱਸਾ ਹੋਣ ਕਾਰਨ ਉਸਦੀ ਨਿੱਜੀ ਲਾਇਬ੍ਰੇਰੀ ਵਿੱਚ ਸਨ ਤੇ ਇਸ ਕਿਤਾਬ ਨਾਲ ਹੀ ਪਹਿਲੀ ਵਾਰ ਜਨਤਕ ਹੋਏ। ਨਿੱਜੀ ਤੇ ਗੁਪਤ ਰਿਕਾਰਡ ਛਾਪਣ ਲਈ ਉਹਨਾਂ ਨੂੰ ਮਹਾਰਾਣੀ ਦੀ ਸਪੈਸ਼ਲ ਮਨਜ਼ੂਰੀ ਲੈਣੀ ਪਈ, ਦੇਖੋ! ਇਹ ਕਿੰਨੇ ਖ਼ਾਸ ਤੇ ਗੁਪਤ ਹੋਣਗੇ, ਪਰ ਫੇਰ ਵੀ ਪੂਰਾ ਰਿਕਾਰਡ ਨਹੀਂ ਹੈ, ਤੁਸੀਂ ਪੜ੍ਹਦੇ ਵਕਤ ਦੇਖੋਗੇ ਕਿ ਰਿਪੋਰਟਾਂ ਤੇ ਮੀਟਿੰਗਾਂ ਦੀ ਗਿਣਤੀ ਹੀ ਟੁੱਟਵੀਂ ਨਹੀਂ ਸਗੋਂ ਪੈਰ੍ਹਿਆਂ ਦੀ ਨੰਬਰਿੰਗ ਵੀ ਕਈ ਥਾਵਾਂ ’ਤੇ ਟੁੱਟਵੀਂ ਹੈ, ਲਗਾਤਾਰਤਾ ਨਹੀਂ ਹੈ, ਸੋ ਜ਼ਾਹਰ ਹੈ ਉਹ ਕੁਝ ਇਸ ਤੋਂ ਵੀ ਕਿਤੇ ਜ਼ਿਆਦਾ ਗੁਪਤ ਤੇ ਗੰਭੀਰ ਹੋਵੇਗਾ, ਜਿਸਨੂੰ ਛਾਪਣ ਦੀ ਆਗਿਆ ਹੀ ਨਹੀਂ ਮਿਲੀ।
ਇਹ ਮਹਿਜ਼ ਪੜ੍ਹਨ ਵਾਲੀ ਕਿਤਾਬ ਨਹੀਂ ਹੈ, ਕਿਉਂਕਿ ਪੜ੍ਹਦੇ ਵਕਤ ਸਾਨੂੰ ਮਹਿਸੂਸ ਕਰਵਾਉੁਂਦੀ ਹੈ ਕਿ ਕਿਵੇਂ ਭਾਰਤੀ ਲੋਕਾਂ ਨਾਲ ਇੱਕ ਜ਼ਾਲਮਾਨਾ ਮਜ਼ਾਕ ਕੀਤਾ ਗਿਆ, ਕਿਵੇਂ ਸਾਡੇ ਲੀਡਰ ਕਿਵੇਂ ਆਪਣੀਆਂ ਹੀ ਇੱਛਾਵਾਂ ਵਿੱਚ ਉਲਝ ਕੇ ਅੰਗਰੇਜ਼-ਨੀਤੀ ਦਾ ਸ਼ਿਕਾਰ ਹੋ ਗਏ ਤੇ ਭੁਗਤਣਾ ਆਮ ਲੋਕਾਂ ਨੂੰ ਪਿਆ। ਇਹ ਅਜੀਬ ਤੇ ਗ਼ਲਤ ਫ਼ੈਸਲਾ ਲੋਕਾਂ ਨੂੰ ਕਦੇ ਨਾ ਭਰਨ ਵਾਲੇ ਜ਼ਖ਼ਮ ਦੇ ਗਿਆ। ਸਦੀਆਂ ਤੋਂ ਇਕੱਠੇ ਵਸਦੇ-ਰਸਦੇ ਲੋਕਾਂ ਨੂੰ ਨਫ਼ਰਤ ਦੀ ਭੱਠੀ ਵਿੱਚ ਸੁੱਟ ਗਿਆ।
ਇਸ ਤਰ੍ਹਾਂ ਇਹ ਪੁਸਤਕ ਇਤਿਹਾਸ ਤੇ ਰਾਜਨੀਤੀ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਅਸਲੀ ਦਸਤਾਵੇਜ਼ ਹਨ।
Reviews
There are no reviews yet.