Sahibzadian Da Shaheedi Safar
₹200.00
ਗੁਰਪ੍ਰੀਤ ਸਿੰਘ ਨਿਆਮੀਆਂ ਬਚਪਨ ਤੋਂ ਚਾਰ ਸਾਹਿਬਜ਼ਾਦਿਆਂ ਦੇ ਪ੍ਰਸੰਗਾਂ ਨਾਲ ਤਨੋ-ਮਨੋਂ ਜੁੜਿਆ ਹੋਇਆ ਹੈ। ਉਹ ਸੱਚੇ ਅਰਥਾਂ ਵਿਚ ਗੁਰੂ ਘਰ ਦਾ ਸੇਵਕ ਹੈ ਅਤੇ ਲਗਨ ਨਾਲ ਦਿਸੰਬਰ ਦਾ ਸਾਰਾ ਮਹੀਨਾ ਇਸ ਲਾਸਾਨੀ ਇਤਿਹਾਸ ਦੇ ਚਰਨਾਂ ਵਿਚ ਬਹਿ ਕੇ ਬਿਤਾਉਂਦਾ ਹੈ। ਪਰ ਇਹਸਾਸ ਨਾਲ ਭਰਿਆ ਹੋਣ ਦੇ ਬਾਵਜੂਦ ਉਹ ਇਤਿਹਾਸ ਦਾ ਪੱਲਾ ਫ਼ੜਨਾ ਚਾਹੁੰਦਾ ਹੈ। ਉਸਨੇ ਸਾਰੀਆਂ ਘਟਨਾਵਾਂ ਦੇ ਅੰਦਰ ਜਾਣ ਦੀ ਵੱਧ ਤੋਂ ਵੱਧ ਭਰਵੀਂ ਕੋਸ਼ਿਸ਼ ਕੀਤੀ ਹੈ। ਚਾਰ ਸਾਹਬਜ਼ਾਦਿਆਂ ਦਾ ਵਾਰਤਕ ਵਿਚ ਵਿਸਤਾਰ ਵਾਲਾ ਇਤਿਹਾਸ ਪ੍ਰਾਪਤ ਨਹੀਂ ਹੈ। ਗੁਰਪ੍ਰੀਤ ਸਿੰਘ ਨੇ ਇਸ ਦਿਸ਼ਾ ਵੱਲ ਭਰਪੂਰ ਪਹਿਲ ਕੀਤੀ ਹੈ ਅਤੇ ਉਸ ਨੇ ਆਪਣੀ ਈਮਾਨਦਾਰੀ ਅਤੇ ਸੁਰਤੀ-ਬਿਰਤੀ ਨਾਲ ਇਸ ਘਾਟ ਨੂੰ ਸਫ਼ਲਤਾ ਨਾਲ ਪੂਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦਾ ਪੁਆਧ ਦੇ ਖਿੱਤੇ ਨਾਲ ਨਾਤਾ ਹੋਣਾ, ਪੁਆਧੀ ਬੋਲੀ ਨਾਲ ਅਥਾਹ ਪਿਆਰ ਹੋਣਾ ਅਤੇ ਇਨਾਂ ਘਟਨਾਵਾਂ ਦਾ ਏਸੇ ਖਿੱਤੇ ਨਾਲ ਸੰਬੰਧ ਹੋਣਾ, ਉਸ ਵਿਚ ਹਮੇਸ਼ਾ ਊਰਜਾ ਭਰਦਾ ਰਹਿੰਦਾ ਹੈ। ਇਸਦੇ ਨਤੀਜੇ ਵਜੋਂ ਉਸਨੇ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਸਮਦ੍ਰਿਸ਼ਟੀ ਨਾਲ ਚਿਤਰਿਆ ਹੈ। ਸੰਕੀਰਣਤਾ ਤੋਂ ਉੱਤੇ ਉੱਠ ਕੇ ਇਤਿਹਾਸਕ ਸਮੱਗਰੀ ਨੂੰ ਪਛਾਨਣ ਦੀ ਰੁਚੀ ਦਾ ਸਪੱਸ਼ਟ ਸੰਕੇਤ ਮਿਲਦਾ ਹੈ।
‘ਸਾਹਿਬਜ਼ਾਦਿਆਂ ਦਾ ਸ਼ਹੀਦੀ ਸਫ਼ਰ’ ਨੇ ਦੋ ਗੱਲਾਂ ਵੱਲ ਸਾਡਾ ਸਪਸ਼ਟ ਧਿਆਨ ਦੁਆਇਆ ਹੈ। ਪਹਿਲੀ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਖ਼ਾਸ ਕਰਕੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੇ ਇਹ ਗੱਲ ਸਾਫ਼ ਤੌਰ ਤੇ ਸਾਬਤ ਕਰ ਦਿੱਤੀ ਹੈ ਕਿ ਇਸ ਸਾਰੇ ਸੰਘਰਸ਼ ਨੂੰ ਹਿੰਦੂ ਜਾਂ ਮੁਸਲਿਮ ਕੋਣਾਂ ਤੋਂ ਨਹੀਂ ਸਮਝਿਆ ਜਾ ਸਕਦਾ। ਇਸਦੇ ਸਾਰੇ ਪਾਤਰਾਂ ਵੱਲ ਝਾਤੀ ਮਾਰੋ ਤਾਂ ਇਹ ਸਾਡੀ ਸਾਂਝੀ ਕਥਾ ਬਣਦੀ ਹੈ। ਇਸ ਵਿਚ ਅਨੇਕਾਂ ਸੁਹਿਰਦ ਅਤੇ ਮੌਕਾਪ੍ਰਸਤ ਪਾਤਰ ਹਨ। ਉਹ ਦੋਹਾਂ ਧਰਮਾਂ ਨਾਲ ਸੰਬੰਧ ਰਖਦੇ ਹਨ ਪਰ ਉਨਾਂ ਨੂੰ ਮੁਸਲਮਾਨਾਂ ਜਾਂ ਹਿੰਦੂਆਂ ਵਜੋਂ ਨਹੀਂ ਦੇਖਿਆ ਜਾ ਸਕਦਾ। ਇਹ ਕਥਾ ਜ਼ੁਲਮ ਕਰਨ ਵਾਲਿਆਂ ਅਤੇ ਉਸਨੂੰ ਸਹਿੰਦਿਆਂ ਵੀ ਆਪਣੀ ਅਣਖ ਅਤੇ ਨਾਬਰੀ ਉੱਤੇ ਖਲੋਣ ਵਾਲਿਆਂ ਦਾ ਇਤਿਹਾਸ ਹੈ। ਸ਼ਾਇਦ ਇਸੇ ਲਈ ਲੇਖਕ ਨੇ ਇਸ ਪੁਸਤਕ ਨੂੰ ਗਨੀ ਖਾਂ ਅਤੇ ਨਬੀ ਖਾਂ ਦੇ ਪ੍ਰਕਰਣ ਉੱਤੇ ਜਾ ਕੇ ਮੁਕਾਇਆ ਹੈ। ਧਰਮ ਦੇ ਮਹਾਂ-ਸੰਸਾਰ ਦੀ ਰਾਖੀ ਕਰਦਿਆਂ ਵੀ ਉਸਦੀ ਸੰਕੀਰਣਤਾ ਤੋਂ ਕਿਵੇਂ ਬਚਿਆ ਜਾਵੇ, ਇਹ ਇਤਿਹਾਸ ਉਸਦੀ ਸਰਵੋਤਮ ਮਿਸਾਲ ਹੈ। ਗੁਰਪ੍ਰੀਤ ਸਿੰਘ ਨਿਆਮੀਆਂ ਨੇ ਦੂਸਰੀ ਗੱਲ ਅੱਲਾ ਯਾਰ ਖਾਂ ਦੇ ਹਵਾਲੇ ਨਾਲ ਸਾਡੇ ਤਕ ਪੁਚਾਉਣੀ ਚਾਹੀ ਹੈ ਕਿ ਜੇ ਸਾਹਿਬਜ਼ਾਦੇ ਇਸ ਤਰਾਂ ਦੀ ਸ਼ਹਾਦਤ ਨੂੰ ਪ੍ਰਾਪਤ ਨਾ ਕਰਦੇ ਤਾਂ ਸਿੱਖੀ ਦੀਆਂ ਨੀਹਾਂ ਏਨੀਆਂ ਡੂੰਘੀਆਂ ਨਾ ਹੁੰਦੀਆਂ, ਅਸੀਂ ਮਾੜੇ ਮੋਟੇ ਭੁਚਾਲੀ ਝਟਕਿਆਂ ਨਾਲ ਹੀ ਉੱਖੜ ਗਏ ਹੁੰਦੇ।
Reviews
There are no reviews yet.