Shiv Kumar Birha Da Sultan Jeevan, Kala Te Yaddan
₹200.00
ਵਾਰਸ ਸ਼ਾਹ ਤੋਂ ਬਾਅਦ, ਇਸ ਜਹਾਨ ਨੂੰ ਅਲਵਿਦਾ ਕਹਿ ਗਏ ਪੰਜਾਬੀ ਦੇ ਕਵੀਆਂ ਵਿਚੋਂ ਸ਼ਿਵ ਕੁਮਾਰ ਦਾ ਨਾਂ ਵਿਸ਼ੇਸ਼ ਤੌਰ ’ਤੇ ਆਉਦਾ ਹੈ ਜਿਸ ਬਾਰੇ ਲੋਕ ਚਾਅ ਅਤੇ ਉਮਾਹ ਨਾਲ ਗੱਲਾਂ ਕਰਦੇ ਨੇ। ਉਹ ਉਨ੍ਹਾਂ ਦੇ ਮਨਾਂ ਵਿਚ ਵਸਿਆ ਹੋਇਆ ਹੈ। ਉਸਦੀ ਸਰੀਰਕ ਮੌਤ ਹੋਇਆਂ ਲਗਭਗ ਪੈਂਤੀ ਵਰ੍ਹੇ ਹੋ ਗਏ ਪਰ ਆਪਣੇ ਪ੍ਰਸੰਸਕਾਂ ਦੇ ਹਿਰਦਿਆਂ ਵਿਚ ਉਹ ਅਜੇ ਵੀ ਜਿਉਦਾ ਹੈ। ਉਸਦੀ ਸ਼ਖਸੀਅਤ ਬਾਰੇ ਇੱਕਾ ਦੁੱਕਾ ਪੁਸਤਕਾਂ ਜ਼ਰੂਰ ਛਪੀਆਂ ਪਰ ਬੱਝਵੇਂ ਤੌਰ ’ਤੇ ਠੋਸ ਕੰਮ ਅਜੇ ਨਹੀਂ ਹੋਇਆ। ਬਹੁਤਾ ਮੈਟਰ ਵੱਖ ਵੱਖ ਮੈਗਜ਼ੀਨਾਂ ਵਿਚ ਖਿੰਡਰਿਆ-ਪੁੰਡਰਿਆ ਪਿਆ ਹੈ। ਇਹ ਸੋਚਕੇ ਹੀ ‘ਬਿਰਹਾ ਦਾ ਸੁਲਤਾਨ’ ਨਾਮੀ ਪੁਸਤਕ ਤਿਆਰ ਕੀਤੀ ਗਈ ਹੈ। ਇਸਨੂੰ ਤਿਆਰ ਕਰਦਿਆਂ ਲਗਭਗ ਇਕ ਵਰ੍ਹਾ ਬੀਤ ਗਿਆ। ਫੇਰ ਵੀ ਮਹਿਸੂਸ ਹੁੰਦਾ ਹੈ ਕਿ ਕਾਫ਼ੀ ਕੁਝ ਕਰਨਾ ਬਾਕੀ ਰਹਿ ਗਿਆ। ਆਪਣੇ ਵਿਤ ਮੁਤਾਬਿਕ ਸ਼ਿਵ ਦੇ ਜਾਣਕਾਰ ਲੇਖਕਾਂ ਤੱਕ ਪਹੁੰਚ ਕੀਤੀ ਗਈ ਤੇ ਨਵੇਂ ਸਿਰਿਉ ਸ਼ਬਦ-ਚਿਤਰ ਲਿਖਵਾਏ ਗਏ। ਕੁਝ ਲੇਖ ਪੁਰਾਣੇ ਵੀ ਸ਼ਾਮਲ ਕਰਨੇ ਪਏ ਤਾਂ ਕਿ ਉਸਦੀ ਰਚਨਾ ਅਤੇ ਜੀਵਨ ਦੇ ਬਹੁਤੇ ਪਹਿਲੂ ਪਾਠਕਾਂ ਦੇ ਰੂ-ਬ-ਰੂ ਕੀਤੇ ਜਾ ਸਕਣ।
ਗੀਤਕਾਰੀ, ਲੋਕ ਬੋਲੀ, ਸੁੰਦਰ ਬਿੰਬ ਅਤੇ ਗਾਇਕੀ _ਕੀ ਉਹਦੀ ਅਜ਼ਮਤ ਇਥੇ ਤਕ ਹੀ ਸੀਮਤ ਹੈ? ਆਵਾਜ਼ ਦੀ ਸੋਜ਼! ਚੈਖ਼ੋਵ ਨੇ ਕਦੇ ਕਿਹਾ ਸੀ, ‘ਸੁੰਦਰ ਆਵਾਜ਼ ਤਾਂ ਗਰਾਮੋਫ਼ੋਨ ’ਚ ਵੀ ਹੁੰਦੀ ਹੈ ਪਰ ਉਸ ਵਿਚ ਇਨਸਾਨੀ ਅਹਿਸਾਸ ਤੇ ਧੜਕਣ ਨਹੀਂ।’ ਇਹ ਜਜ਼ਬਾ ਸ਼ਿਵ ਅੰਦਰ ਠਾਠਾਂ ਮਾਰਦਾ ਸੀ। ਉਸਦਾ ਵਿਸ਼ਾ ਪਿਆਰ ਹੈ, ਜੋ ਸਰਵਵਿਆਪਕ ਹੈ। ਪਿਆਰ ਵਿਚ ਵਿਯੋਗ ਸਭ ਤੋਂ ਉਪਰ ਮੰਨਿਆ ਜਾਂਦੈ। ਇਕੱਲੇ ਵਿਯੋਗ-ਸੰਜੋਗ ਦੀ ਗੱਲ ਹੁੰਦੀ ਤਾਂ ਸ਼ਾਇਦ ਉਸਦੀ ਕਾਵਿ ਕਲਾ ਏਨੀ ਮਹੱਤਵਪੂਰਨ ਨਾ ਗਿਣੀ ਜਾਂਦੀ, ਜੇ ਇਸ ਵਿਚ ਪ੍ਰਿਤੀ, ਸੰਸਿਤੀ ਅਤੇ ਸਾਡੇ ਸਭਿਆਚਾਰ ਦੇ ਵਿਰਾਟ ਰੂਪ ਵਿਚ ਦਰਸ਼ਨ ਨਾ ਹੁੰਦੇ। ਉਹ ਸਾਡੀਆਂ ਰਸਮਾਂ-ਰੀਤਾਂ, ਮੇਲਿਆਂ-ਮਸਾਵਿਆਂ, ਤਿਥਾਂ-ਤਿਓਹਾਰਾਂ, ਰੁੱਤਾਂ, ਗਹਿਣਿਆਂ, ਸੱਪਾਂ, ਰੁੱਖਾਂ, ਰੱਖਾਂ, ਬਾਗ-ਬਗੀਚਿਆਂ ਅਤੇ ਸਰਾਂ-ਸਰਵਰਾਂ ਦਾ ਬਿਆਨ ਏਨੇ ਸਹਿਜ ਨਾਲ ਕਰਦਾ ਹੈ ਕਿ ਮਨੁੱਖ ਤੇ ਰੁੱਖ ਇਕ ਜਾਨ ਹੋ ਕੇ ਸਾਹ ਲੈਂਦੇ ਪ੍ਰਤੀਤ ਹੁੰਦੇ ਨੇ। ਮੇਰੇ ਖ਼ਿਆਲ ਵਿਚ ਵਾਰਸ ਸ਼ਾਹ ਤੋਂ ਬਾਅਦ ਇੰਝ ਪਹਿਲੀ ਵਾਰ ਹੋਇਆ ਹੈ। ਇਹ ਸ਼ਿਅਰ ਸ਼ਿਵ ਕੁਮਾਰ ’ਤੇ ਐਨ ਢੁਕਦਾ ਹੈ :
‘ਹਮ ਸੇ ਬੜ੍ਹ ਕਰ ਜ਼ਿੰਦਗੀ ਸੇ ਕੌਨ ਕਰਤਾ ਹੈ ਪਿਆਰ,
ਮਰਨੇ ਪੇ ਆ ਜਾਏਂ ਤੋ ਮਰ ਜਾਤੇ ਹੈਂ ਹਮ।’
-ਮੋਹਨ ਭੰਡਾਰੀ
Reviews
There are no reviews yet.